1984 : ਅਣਚਿਤਵਿਆ ਕਹਿਰ
ਲੇਖਕ – ਸ. ਅਜਮੇਰ ਸਿੰਘ
ਸਿੱਖ ਸਿਧਾਂਤਕਾਰ ਸ. ਅਜਮੇਰ ਸਿੰਘ ਸਿੱਖ ਪੰਥ ਦੇ ਰਜਾਸੀ ਅਤੇ ਧਾਰਮਿਕ ਸੰਘਰਸ਼ ਦੀ ਸਿਧਾਂਤਕ ਵਿਆਖਿਆ ਕਰਦਿਆਂ ਆਪਣੀ ਤੀਜ਼ੀ ਅਤੇ ਬਹੁਮੁੱਲੀ ਕਿਤਾਬ ‘1984 ਅਣਚਿਤਵਿਆ ਕਹਿਰ’ ਨਾਲ ਪੰਥ ਦੇ ਵਿਹੜੇ ਵਿਚ ਜਿਹੜੀਆਂ ਗੱਲਾਂ ਅਤੇ ਤੱਥ ਪੇਸ਼ ਕੀਤੇ ਹਨ ਉਸ ਨਾਲ ਆਪਣੀਆਂ ਪਹਿਲੀਆਂ ਕਿਤਾਬਾਂ ਦੇ ਅਗਲੇ ਪੜਾਅ ਵਜੋਂ ਨੇ ਇਸ ਬਹੁਮੁੱਲੀ ਕਿਤਾਬ ਨਾਲ ਸਿੱਖ ਪੰਥ ਬੌਧਿਕ ਹਲਕਿਆਂ ਵਿਚ ਗੰਭੀਰ ਚਰਚਾ ਛੇੜ ਦਿੱਤੀ ਹੈ। 20ਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਜਿਸ ਦਲੇਰੀ, ਸਿਧਾਂਤਕ ਸਪੱਸ਼ਟਤਾ ਅਤੇ ਜਿੰਨੀ ਵੱਡੀ ਬੌਧਿਕ ਮਿਹਨਤ ਨਾਲ ਆਪ ਜੀ ਨੇ ਸਿੱਖ ਵਲਵਿਆਂ ਨੂੰ ਪੇਸ਼ ਕੀਤਾ ਹੈ, ਉਹ ਕਿਸੇ ਦੇ ਸ਼ਬਦਾਂ ਦੇ ਮੁਹਤਾਜ਼ ਨਹੀਂ ਹਨ। ਕੌਮਾਂ ਦੇ ਇਤਿਹਾਸ ਵਿਚ ਕੁਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ, ਜੋ ਉਨ੍ਹਾਂ ਦੀ ਮਾਨਸਿਕਤਾ ਵਿਚ ਤਰਥੱਲੀ ਮਚਾ ਕੇ ਰੱਖ ਦੇਂਦੀਆਂ ਹਨ। ਕੁਝ ਹਾਦਸੇ, ਕੁਝ ਘੱਲੂਘਾਰੇ ਅਤੇ ਕੁਝ ਰਾਜਸੀ ਵਰਤਾਰੇ ਅਜਿਹੇ ਹੁੰਦੇ ਹਨ ਜੋ ਸਮੁੱਜੀ ਕੌਮ ਦੇ ਵਜੂਦ ਨੂੰ ਹਿਲਾ ਕੇ ਰੱਖ ਦੇਂਦੇ ਹਨ। ਅਜਿਹੇ ਵਰਤਾਰੇ ਕੌਮਾਂ ਦੇ ਸੋਚਣ, ਵਿਚਾਰਨ ਅਤੇ ਵਿਚਰਨ ਦੇ ਢੰਗ ਵਿਚ ਵੱਡੀਆਂ ਤਬਦੀਲੀਆਂ ਲਿਆ ਦੇਂਦੇ ਹਨ। ਜੂਨ 1984 ਅਤੇ ਨਵੰਬਰ 1984 ਦੇ ਲਹੂਭਿੱਜੇ ਵਰਤਾਰੇ ਸਿੱਖ ਇਤਿਹਾਸ ਦੀਆਂ ਅਜਿਹੀਆਂ ਇਤਿਹਾਸਕ ਘੜੀਆਂ ਹਨ, ਜਿਨ੍ਹਾਂ ਨੇ ਕੌਮ ਦੇ ਵਜੂਦ ਵਿਚ ਵੱਡੀ ਤਰਥੱਲੀ ਪਾ ਦਿੱਤੀ ਸੀ। ਇਨ੍ਹਾਂ ਦੋ ਘਟਨਾਵਾਂ ਨੇ ਹੀ ਸਹਿਜ ਵਿਚ ਜੀਅ ਰਹੀ ਸਿੱਖ ਕੌਮ ਦੇ ਸੋਚਣ ਅਤੇ ਵਿਚਾਰਨ ਦੇ ਢੰਗ ਵਿਚ ਵੱਡੀ ਤਬਦੀਲੀ ਲਿਆ ਦਿੱਤੀ ਸੀ। ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਜੂਨ 1984 ਤੋਂ ਪਹਿਲਾਂ ਬਤੀਤ ਹੋਈ ਜ਼ਿੰਦਗੀ ਬੇਅਰਥ ਹੋ ਗਈ ਹੋਵੇ ਅਤੇ ਪੰਥ ਦੀ ਸਮੁੱਚੀ ਜ਼ਿੰਦਗੀ ਅਤੇ ਵਜੂਦ ਦੇ ਅਰਥ ਹੀ ਬਦਲ ਗਏ ਹੋਣ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪਹਿਲੀ ਵਾਰ ਸਿੱਖਾਂ ਨੇ ਇਕਜੁੱਟ ਹੋ ਕੇ ਇਕ ਕੌਮ ਵਜੋਂ ਸੋਚਣਾ ਆਰੰਭ ਕੀਤਾ ਸੀ। ਭਾਵੇਂ ਉਹ ਕਿਸੇ ਵੀ ਰਾਜਨੀਤਕ ਜਾਂ ਧਾਰਮਿਕ ਧਾਰਾ ਦਾ ਸਿੱਖ ਸੀ, ਇਨ੍ਹਾਂ ਦੋ ਘਟਨਾਵਾਂ ਨੇ ਸਿੱਖ ਕੌਮ ਦੀ ਮਾਨਸਿਕਤਾ `ਤੇ ਬਹੁਤ ਗਹਿਰੇ ਫੱਟ ਲਾ ਦਿੱਤੇ ਸਨ। ਇਨ੍ਹਾਂ ਘਟਨਾਵਾਂ ਤੋਂ ਪਹਿਲਾਂ ਜਿਹੜੇ ਸਿੱਖ ਆਪਣੇ ਆਪ ਨੂੰ ਵਡੇਰੀ ਭਾਰਤੀ ਕੌਮ ਦਾ ਹਿੱਸਾ ਸਮਝਕੇ ਵਿਚਰ ਰਹੇ ਸਨ, ਪਹਿਲੀ ਵਾਰ ਇਸ ਕਥਿਤ ਕੌਮੀ ਸੰਕਲਪ ਤੋਂ ਆਪਣਾ ਪਿੱਛਾ ਛਡਾਉਂਦੇ ਪ੍ਰਤੀਤ ਹੋਣ ਲੱਗੇ।
Reviews
There are no reviews yet.