ਹਥਲੇ ਕਿਤਾਬਚੇ ਵਿਚ ਦਰਜ਼ ਅੰਕੜੇ ਸੂਬਾ ਤੇ ਸ਼ਹਿਰ ਵਾਰ ਇਹ ਦੱਸਦੇ ਹਨ ਕਿ ਇੰਡੀਆ ਵਿਚ ਕਿੱਥੇ-ਕਿੱਥੇ ਸਿੱਖਾਂ ਉੱਤੇ ਹਮਲੇ ਹੋਏ, ਕਿੱਥੇ-੨ ਗੁਰਦੁਆਰਾ ਸਾਹਿਬਾਨ ਉੱਤੇ ਹਮਲੇ ਹੋਏ ਅਤੇ ਕਿੱਥੇ-ਕਿੱਥੇ ਸਿੱਖਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ। ਭਾਵੇਂ ਕਿ ਜਾਣਕਾਰੀ ਬਹੁਤ ਸੰਖੇਪ ਰੂਪ ਵਿਚ ਹੈ ਪਰ ਇਹ ਹੈ ਬਹੁਤ ਅਹਿਮ। ‘ਸਿਰਫ ਦਿੱਲੀ ਨਹੀਂ’ ਸਿਰਲੇਖ ਵਾਲੀ ਇਹ ਛੋਟੇ ਅਕਾਰ ਦੀ ਕਿਰਤ ਦਿੱਲੀ ਦਰਬਾਰ ਦੇ ਵੱਡੇ ਬਿਰਤਾਂਤ ਕਿ ਨਵੰਬਰ ੧੯੮੪ ਵਿਚ “ਦਿੱਲੀ ਦੰਗੇ” ਹੋਏ ਸਨ, ਨੂੰ ਮੁਕੰਮਲ ਰੂਪ ਵਿਚ ਭੰਨਦੀ ਹੈ ਤੇ ਦਰਸਾਉਂਦੀ ਹੈ ਕਿ ਅਸਲ ਵਿਚ ਸਿੱਖਾਂ ਨੂੰ ਇੰਡੀਆ ਦੇ ੨੦ ਸੂਬਿਆਂ ਵਿਚ ਢਾਈ ਸੌ ਦੇ ਕਰੀਬ ਸ਼ਹਿਰਾਂ/ਥਾਵਾਂ ਨਸਲਕੁਸ਼ੀ ਦੀ ਹਿੰਸਾ (ਜੈਨੋਸਾਈਡਲ ਵਾਇਲੈਂਸ) ਦਾ ਨਿਸ਼ਾਨਾ ਬਣਾਇਆ ਗਿਆ ਸੀ।
ਸ. ਗੁਰਜੰਟ ਸਿੰਘ ਨੇ ਜੋ ਭਾਰਤ ਭਰ ਵਿਚ ਜਾ ਕੇ ਖੋਜ ਕੀਤੀ ਹੈ ਉਸ ਮੁਤਾਬਿਕ ਨਵੰਬਰ ੧੯੮੪ ਦੀ ਨਸਲਕੁਸ਼ੀ ਦੌਰਾਨ ਭਾਰਤ ਵਿਚ ਸਿੱਖਾਂ ਦਾ ਸਿਰਫ ਉਹਨਾ ਥਾਵਾਂ ਉੱਤੇ ਬਚਾਅ ਹੋਇਆ ਜਿੱਥੇ ਜਾਂ ਤਾਂ ਸਿੱਖ ਆਪਣੇ ਬਚਾਅ ਲਈ ਆਪ ਇਕੱਠੇ ਹੋ ਕੇ ਹਮਲਾਵਰਾਂ ਦਾ ਟਾਕਰਾ ਕਰ ਗਏ ਜਿਵੇਂ ਕਿ ਰਾਏਰੂ (ਮੱਧ ਪ੍ਰਦੇਸ਼), ਨਾਗਬਾਗ (ਹਿਮਾਚਲ), ਪ੍ਰੇਮਨਗਰ (ਜਬਲਪੁਰ), ਸੋਨਾ (ਹਰਿਆਣਾ) ਆਦਿ ਜਾਂ ਫਿਰ ਜਿੱਥੇ ਸਥਾਨਕ ਵਸੋਂ ਹਿੰਦੂਤਵੀ ਪ੍ਰਭਾਵ ਤੋਂ ਮੁਕਤ ਸੀ ਅਤੇ ਨਸਲਕੁਸ਼ੀ ਕਰਨ ਵਾਲੇ ਉਨ੍ਹਾਂ ਸਥਾਨਕ ਲੋਕਾਂ ਵਿਚ ਸਿੱਖਾਂ ਵਿਰੁੱਧ ਨਸਲਕੁਸ਼ੀ ਦੀ ਤਰੰਗ (ਜੈਨੋਸਾਈਡਲ ਇਮਪਲਸ) ਪ੍ਰਚੰਡ ਨਹੀਂ ਕਰ ਸਕੇ। ਦੱਖਣ ਵਿਚ ਆਂਧਰਾ ਤੇ ਕੇਰਲ ਅਤੇ ਅਸਾਮ, ਮਨੀਪੁਰ ਤੇ ਹੋਰ ਉੱਤਰ-ਪੱਛਮੀ ਸੂਬਿਆਂ ਵਿਚ ਸਥਾਨਕ ਕਬਾਇਲੀ ਅਬਾਦੀ ਹਿੰਦੂਤਵੀ ਪ੍ਰਭਾਵ ਤੋਂ ਮੁਕਤ ਸੀ ਤੇ ਇਨ੍ਹਾਂ ਥਾਵਾਂ ਉੱਤੇ ਸਿੱਖਾਂ ਵਿਰੁੱਧ ਹਿੰਸਾ ਭੜਕਾਉਣ ਦੀਆਂ ਸਿਆਸੀ ਲੋਕਾਂ ਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਹੁੰਗਾਰਾ ਨਹੀਂ ਦਿੱਤਾ। ਇਸ ਤੋਂ ਇਲਾਵਾ ਬਾਕੀ ਥਾਵਾਂ ਉੱਤੇ ਤਕਰੀਬਨ ਭਾਰਤ ਭਰ ਵਿਚ ਸਿੱਖਾਂ ਨੂੰ ਨਵੰਬਰ ੧੯੮੪ ਦੌਰਾਨ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ।